ਮੇਰਾ ਹਾਇਕੁ ਲਿਖਣ ਦਾ ਸਬੱਬ

ਮੈਂ ਹਾਇਕੁ ਲਿਖਣਾ ਹੁਣੇ-ਹੁਣੇ ਯਾਨਿ ਮਾਰਚ 2012 ਵਿੱਚ ਸ਼ੁਰੂ ਕੀਤਾ ਹੈ। ਇਸ ਦਾ ਸਬੱਬ ਬਣੀ ਇਕ ਇੰਟਰਨੈੱਟ ਸਾਹਿਤਕ ਵੈੱਬਸਾਈਟ "ਪੰਜਾਬੀ ਵਿਹੜਾ"। ਜਿਸ ਦੇ ਸੰਚਾਲਕ/ਸੰਪਾਦਕ ਡਾ: ਹਰਦੀਪ ਕੌਰ ਸੰਧੂ ਜੀ ਹਨ। ਉੰਝ ਤਾਂ ਉਹ ਹੋਰ ਪਰਚਿਆਂ ਦਾ ਸੰਚਾਲਨ ਵੀ ਕਰਦੇ ਹਨ, ਪਰ ਉਪਰੋਕਤ ਪਰਚੇ ਤੇ ਦਰਜ਼ ਉਹਨਾਂ ਦੀ ਕਵਿਤਾ ਅਤੇ ਵਾਰਤਕ ਬੜੇ ਹੀ ਕਾਬਿਲੇ-ਤਾਰੀਫ਼ ਅਤੇ ਅਲਿਹਦਾ ਸ਼ੈਲੀ ਦੇ ਪ੍ਰਤੀਤ ਹੁੰਦੇ ਹਨ। ਸਿੱਧੇ-ਸਾਦੇ ਪਰ ਪ੍ਰਭਾਵਸ਼ਾਲੀ। ਵੈਸੇ ਵੀ ਅਸਲ ਲਿਖਤ ਤਾਂ ਉਹੀ ਹੁੰਦੀ ਹੈ ਜੋ ਪਾਠਕ ਨੂੰ ਆਪਣੀ ਜਾਂ ਆਪਣੇ ਬਾਰੇ 'ਚ, ਸਰਲ ਭਾਸ਼ਾ ਵਿੱਚ ਲਿਖੀ ਹੋਈ ਲੱਗੇ। ਉਸ ਵਿੱਚ ਉਸਨੂੰ ਆਪਣਾ ਅਕਸ਼ ਅਤੇ ਆਪਣਾ ਸੱਭਿਆਚਾਰ ਨਜ਼ਰ ਆਵੇ। ਉਹਨਾਂ ਦੀਆਂ ਲਿਖਤਾਂ ਤੋਂ ਉਹਨਾਂ ਦੀ ਸੋਚ ਦੀ ਗਹਿਰਾਈ ਦਾ ਅੰਦਾਜ਼ਾ ਲੱਗ ਜਾਂਦਾ ਹੈ। ਉਹ ਆਪਣੀ ਸੋਚ ਦੇ ਦਰਵਾਜ਼ੇ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਹਮੇਸ਼ਾ ਖੁੱਲੇ ਰੱਖਦੇ ਪ੍ਰਤੀਤ ਹੁੰਦੇ ਹਨ। ਉਹ ਆਪਣੀ ਹਰ ਰਚਨਾਂ ਦੇ ਫੈਲਾਅ ਨੂੰ ਸਮੇਟਦਿਆਂ-ਸਮੇਟਦਿਆਂ ਇਸ ਦੀ ਵਿਆਕਰਣ ਬਣਤਰ ਅਤੇ ਬਿੰਦੀ-ਟਿੱਪੀ ਦਾ ਖਿਆਲ ਪੂਰੀ ਸਤਰਕਤਾ ਨਾਲ ਰੱਖਦੇ ਹਨ। ਖ਼ੈਰ, ਇਸ ਖੇਤਰ ਵਿੱਚ ਮੇਰੀ ਏਨੀ ਕਮਾਈ ਨਹੀਂ ਕਿ ਕਿਸੇ ਭਖਦੇ ਸੂਰਜ ਦੀ ਲੋ ਦਾ ਵਿਖਿਆਨ ਕਰ ਸਕਾਂ।   

ਇਤਫਾਤ ਨਾਲ ਇਕ ਦਿਨ ਉਹਨਾਂ ਦੀਆਂ ਰਚਨਾਂਵਾਂ ਦਾ ਪਾਠ ਕਰਦਿਆਂ-ਕਰਦਿਆਂ ਮੇਰੀ ਨਜ਼ਰ ਤਿੰਨ ਕੂ ਸਤਰਾਂ ਵਾਲੀਆਂ ਰਚਨਾਵਾਂ ਤੇ ਪਈ,
ਚੜ੍ਹਿਆ ਨਵਾਂ ਸਾਲ
ਮਨਫ਼ੀ ਹੋਇਆ ਜਿੰਦਗੀ ‘ਚੋਂ
ਇਕ ਹੋਰ ਸਾਲ !........(ਡਾ: ਹਰਦੀਪ ਕੌਰ ਸੰਧੂ)

ਸੋਚਣ ਲੱਗਾ, ਇਹ ਕੀ ਹੈ? ਸਾਰਾ ਕੁਝ ਪੜਿਆ, ਪਰ ਕੁਝ ਪੱਲੇ ਨਾ ਪਿਆ। ਰੂਪ ਤਾਂ ਕਾਵਿ ਹੈ, ਪਰ ਹੈ ਕੀ? ਮਨ ਕੀਤਾ ਈ-ਮੇਲ ਕਰ ਕੇ ਪੁੱਛ ਲੈਂਦਾ ਹਾਂ, ਫਿਰ  ਸ਼ਬਦ "ਹਾਇਕੁ" ਗੂਗਲ ਸਰਚ ਇੰਜਣ ਤੇ ਪਾ ਕੇ ਦੇਖਿਆ ਤਾਂ ਕਾਫੀ ਕੁਝ ਮਿਲਿਆ। ਥੋੜੀ ਜਹੀ ਦਿਸ਼ਾ ਵਾਈਕੀਹਉ (www.wikihow.com) ਸਾਈਟ ਤੋਂ ਮਿਲ ਗਈ। ਪਤਾ ਚੱਲਿਆ ਕਿ ਇਹ 17 ਕੁ ਆਵਾਜ਼ਾਂ ਵਿੱਚ  ਅੱਖਾਂ  ਸਾਹਮਣੇ ਬੀਤ ਰਹੇ ਕੁਦਰਤ ਦੇ ਨਜ਼ਰਿਆਂ ਨੂੰ ਕਾਵਿ ਰੂਪ ਵਿੱਚ ਕਲਮ-ਬੱਧ ਕਰਨ ਦੀ ਇਕ ਜਾਪਾਨੀ ਵਿਧਾ ਹੈ।  ਇਹ ਆਮ ਕਵਿਤਾ ਵਾਂਗ ਨਹੀਂ ਪੜੀ ਜਾਂਦੀ ਅਤੇ
1) ਇਹ ਅੱਖਾਂ ਸਾਹਮਣੇ ਬੀਤ ਰਹੇ ਦਾ ਸ਼ਬਦ-ਚਿੱਤਰ ਹੁੰਦਾ ਹੈ। 
2) ਇਹ 5-7-5 ਸ਼ਬਦਾਂਸ਼/ਸ਼ਬਦਾਂਗ (syllabels) ਦੇ ਹਿਸਾਬ ਨਾਲ ਲਿਖੀ ਜਾਂਦੀ ਹੈ। 
3) ਕੁਲ 17 ਸ਼ਬਦਾਂਸ਼/ਸ਼ਬਦਾਂਗ ਹੋਣੇ ਚਾਹੀਦੇ ਹਨ।
4) ਇਸ ਵਿਚ ਕੁਦਰਤ ਦਾ ਅੰਸ਼ ਜਾਂ ਬਿੰਬ ਹੋਣਾ ਚਾਹੀਦਾ ਹੈ।
5) ਇਹ ਅਧੂਰੀ ਕਵਿਤਾ ਹੈ ਜਿਸ ਨੂੰ ਮਨ-ਹੀ-ਮਨ ਪਾਠਕ ਨੇ ਪੂਰਿਆਂ ਕਰਨਾ ਹੁੰਦਾ ਹੈ।

ਬਸ, ਏਨੀ ਕੁ ਦਿਸ਼ਾ ਨੂੰ ਧਿਆਨ ਵਿੱਚ ਰੱਖ ਕੇ ਮਨ ਦੇ ਕੁਝ ਵਿਚਾਰਾਂ ਨੂੰ ਕਲਮ-ਬੱਧ ਕੀਤਾ ਅਤੇ ਡਾ: ਹਰਦੀਪ ਕੌਰ ਸੰਧੂ ਜੀ ਹੋਰਾਂ ਨੂੰ ਦਿਖਾਏ। ਉਹਨਾਂ ਸੋਧ ਅਤੇ ਸੇਧ ਦੇ ਕੇ ਸਿੱਧੀਆਂ ਲੀਹਾਂ ਤੇ ਪਾਇਆ। ਮੈਂ ਉਹਨਾਂ ਦਾ ਰਿਣੀ ਹਾਂ ਅਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕੋਸ਼ਿਸ਼ ਕਰਾਂਗਾ ਕਿ ਸਾਹਿਤ ਦੀ ਇਸ ਵਿਧਾ ਰਾਹੀਂ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਉਘੇੜ ਕੇ ਉਹਨਾਂ ਤੇ ਕਿੰਤੂ ਕਰ ਸਕਾਂ।

-------------------------------------------------------------

- ਸੋਧ 

1. ਸ਼ਬਦਾਂਸ਼/ਸ਼ਬਦਾਂਗ ਤੋਂ ਭਾਵ ਅੰਗਰੇਜੀ ਵਾਲੇ syllabels ਨਾ ਹੋ ਕੇ ਜਾਪਾਨੀ ਭਾਸ਼ਾ ਦੇ on ਜਾਂ onji ਤੋਂ ਲਿਆ
    ਜਾਂਦਾ ਹੈ।

2. ਅੱਖਰ ਦੇ ਲਈ ਨੇੜੇ ਡਾ ਸ਼ਬਦ syllable ਹੈ। ਲੇਕਿਨ ਜਾਪਾਨੀ ਵਿੱਚ ਇਸ ਲਈ 'on  ਹੈ। ਇਹ ਪੂਰੀ ਤਰਾਂ syllable ਦੇ  
    ਸਮਾਨ ਅਰਥ ਵਾਲਾ ਸ਼ਬਦ ਨਹੀਂ ਹੈ। ਕਿਓਂਕਿ ਜਾਪਾਨੀ ਵਿੱਚ on ਦਾ ਅਰਥ syllable ਤੋਂ ਘੱਟ ਲਿਆ ਜਾਂਦਾ ਹੈ।

 (“Freedom from syllabic restrictions is especially true for contemporary haiku composed
    in other languages.This change is not surprising. English for example, has a different
    rhythm from japanese:- English is "stress timed" and Japanese "syllable timed".) 

[HAIKU: An Anthlogy of Japanese Poems : page VII -Stephen Addiss, Fumiko
Yamamoto,and Akira Yamamoto]


3. ਹਾਇਕੁ ਸ਼ਬਦ ਇਕ-ਵਚਨ ਹੋਣ ਦੇ ਨਾਲ-ਨਾਲ ਬਹੁ-ਵਚਨ ਵੀ ਹੈ। ਇਸ ਸ਼ਬਦ ਵਿਚ "ਕ" ਨੂੰ ਦੂਲੈਂਕੜ (ੂ) ਦੀ  
    ਬਜਾਇ ਔਂਕੜ (ੁ) ਲਗਾਉਣਾ ਸਹੀ ਹੈ, ਜਿਵੇਂ ਹਿੰਦੀ ਭਾਸ਼ਾ ਵਾਲੇ ਕਰਦੇ ਹਨ।

4. ਹਾਇਕੁ ਰਚਨਾ ਕਰਨ ਵਾਲਾ ਹਾਇਕੁ ਲੇਖਕ ਨਾ ਹੋ ਕੇ ਹਾਇਕੁਕਾਰ ਕਹਾਉਂਦਾ ਹੈ, ਜਿਵੇਂ ਚਿੱਤਰਕਾਰ।



ਭੂਪਿੰਦਰ।